ਸੈਂਟ੍ਰਲ ਮਾਝਾ ਖ਼ਾਲਸਾ ਦੀਵਾਨ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਸੈਂਟ੍ਰਲ ਮਾਝਾ ਖ਼ਾਲਸਾ ਦੀਵਾਨ: ਇਹ ਦੀਵਾਨ ਮੂਲ ਰੂਪ ਵਿਚ ਸੰਨ 1904 ਈ. ਵਿਚ ਸਥਾਪਿਤ ਹੋਇਆ ਸੀ , ਪਰ ਬਾਦ ਵਿਚ ਚੀਫ਼ ਖ਼ਾਲਸਾ ਦੀਵਾਨ ਵਿਚ ਸਮੋ ਦਿੱਤਾ ਗਿਆ। ਚੀਫ਼ ਖ਼ਾਲਸਾ ਦੀਵਾਨ ਵਲੋਂ ਗੁਰਦੁਆਰਿਆਂ ਵਿਚ ਪਸਰੇ ਹੋਏ ਭ੍ਰਸ਼ਟਾਚਾਰ ਵਿਰੁਧ ਕੋਈ ਠੋਸ ਕਦਮ ਨ ਉਠਾਉਣ ਕਾਰਣ ਇਸ ਦੀਵਾਨ ਦੇ ਕਾਰਕੁੰਨ ਚੀਫ਼ ਖ਼ਾਲਸਾ ਦੀਵਾਨ ਤੋਂ ਪਰੇ ਹਟ ਗਏ ਅਤੇ ਉਨ੍ਹਾਂ ਨੇ ਆਪਣੇ ਦੀਵਾਨ ਦੀ ਪੁਨਰ- ਸੰਸਥਾਪਨਾ ‘ਸੈਂਟ੍ਰਲ ਮਾਝਾ ਖ਼ਾਲਸਾ ਦੀਵਾਨ’ ਦੇ ਰੂਪ ਵਿਚ ਕੀਤੀ। ਇਸ ਦੀਵਾਨ ਦਾ ਮੁੱਖ ਉਦੇਸ਼ ਅੰਮ੍ਰਿਤਸਰ ਅਤੇ ਤਰਨਤਾਰਨ ਦੇ ਗੁਰੂ-ਧਾਮਾਂ ਨੂੰ ਭ੍ਰਸ਼ਟ ਪੁਜਾਰੀਆਂ ਤੋਂ ਆਜ਼ਾਦ ਕਰਾਉਣਾ ਸੀ। ਅੰਮ੍ਰਿਤਸਰ ਦੇ ਨੇੜੇ ਕੀਰਤਨਗੜ੍ਹ ਵਿਚ ਇਸ ਦਾ ਦਫ਼ਤਰ ਕਾਇਮ ਕੀਤਾ ਗਿਆ। ਮਾਝੇ ਦੇ ਜ਼ਿਲ੍ਹਿਆਂ ਦੇ ਅਨੇਕ ਆਤਮ-ਉਤਸਰਗੀ ਸਿੰਘ ਇਸ ਵਿਚ ਸ਼ਾਮਲ ਹੋ ਗਏ। ਇਸ ਦੀਵਾਨ ਦੇ ਤੇਜਾ ਸਿੰਘ ਭੁਚਰ ਅਤੇ ਝਬਾਲ ਪਿੰਡ ਦੇ ਤਿੰਨ ਭਰਾ ਅਮਰ ਸਿੰਘ , ਸਰਮੁਖ ਸਿੰਘ ਅਤੇ ਜਸਵੰਤ ਸਿੰਘ ਮੁੱਖ ਕਾਰਕੁੰਨ ਸਨ। ਇਨ੍ਹਾਂ ਨੇ ਦਰਬਾਰ ਸਾਹਿਬ , ਤਰਨਤਾਰਨ ਵਿਚ ਹਰ ਮਸਿਆ ਵਾਲੇ ਦਿਨ ਦੀਵਾਨ ਸਜਾ ਕੇ ਧੜਲੇਦਾਰ ਭਾਸ਼ਣਾਂ ਰਾਹੀਂ ਸਿੱਖ ਧਰਮ- ਧਾਮਾਂ ਵਿਚ ਪਸਰ ਰਹੀਆਂ ਬ੍ਰਾਹਮਣੀ ਪ੍ਰਵ੍ਰਿਤੀਆਂ ਦਾ ਖੰਡਨ ਕਰਨਾ ਸ਼ੁਰੂ ਕੀਤਾ, ਪਰ ਗੁਰਦੁਆਰਿਆਂ ਦੇ ਪੁਜਾਰੀਆਂ ਨੇ ਇਸ ਦੀਵਾਨ ਦੀ ਕਾਰਵਾਈ ਦਾ ਡਟਵਾਂ ਵਿਰੋਧ ਕੀਤਾ। ਮਾਰਚ 1919 ਈ. ਵਿਚ ਭੁਚਰ ਪਿੰਡ ਵਿਚ ਹੋਈ ਇਕ ਇਕਤਰਤਾ ਵਿਚ ਤੇਜਾ ਸਿੰਘ ਭੁਚਰ ਨੂੰ ਇਸ ਦੀਵਾਨ ਦਾ ਜੱਥੇਦਾਰ ਸਥਾਪਿਤ ਕੀਤਾ ਗਿਆ। ਉਨ੍ਹਾਂ ਦਿਨਾਂ ਵਿਚ ਹੀ ਹੋਏ ਜਲਿਆਂ ਵਾਲੇ ਬਾਗ਼ ਦੇ ਸਾਕੇ ਨੇ ਸਾਰੇ ਭਾਰਤ ਅਤੇ ਖ਼ਾਸ ਕਰ ਸਿੱਖ ਜਗਤ ਨੂੰ ਝੰਝੋੜ ਦਿੱਤਾ। ਇਸ ਤੋਂ ਵੀ ਵਧ ਗੱਲ ਇਹ ਹੋਈ ਕਿ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਸਰਬਰਾਹ ਵਲੋਂ ਬ੍ਰਿਗੇਡੀਅਰ ਜਨਰਲ ਡਾਅਰ ਨੂੰ ਸਰੋਪਾ ਦਿਵਾਇਆ ਗਿਆ ਅਤੇ ਲੈਫ਼-ਗਵਰਨਰ ਸਰ ਮਾਈਕਲ ਓ.ਡਵਾਇਰ ਨੂੰ ਵੀ ਸਨਮਾਨ ਪੱਤਰ ਦਿੱਤਾ ਗਿਆ। ਇਨ੍ਹਾਂ ਕਾਰਣਾਂ ਕਰਕੇ ਇਸ ਦੀਵਾਨ ਵਾਲਿਆਂ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਰਬਰਾਹ ਅਤੇ ਉੇਸ ਦੇ ਹੋਰ ਸਹਿਯੋਗੀਆਂ ਵਿਰੁੱਧ ਨਾ-ਮਿਲਵਰਤਨ ਦਾ ਅੰਦੋਲਨ ਸ਼ੁਰੂ ਕਰ ਦਿੱਤਾ।

            ਗੁਰਦੁਆਰਾ ਸੁਧਾਰ ਲਹਿਰ ਵਿਚ ਇਸ ਦੀਵਾਨ ਨੇ ਬੜੀ ਸਰਗਰਮੀ ਨਾਲ ਹਿੱਸਾ ਲਿਆ। ਸਭ ਤੋਂ ਪਹਿਲਾਂ ਇਸ ਦੀਵਾਨ ਵਾਲਿਆਂ ਨੇ 5-6 ਅਕਤੂਬਰ 1920 ਈ. ਨੂੰ ਸਿਆਲਕੋਟ ਵਿਚ ‘ਗੁਰਦੁਆਰਾ ਬਾਬੇ ਦੀ ਬੇਰ ’ ਨੂੰ ਆਜ਼ਾਦ ਕਰਾਇਆ। 12 ਅਕਤੂਬਰ 1920 ਈ. ਨੂੰ ਅਕਾਲ ਤਖ਼ਤ ਦੇ ਪੁਜਾਰੀਆਂ ਤੋਂ ਆਜ਼ਾਦ ਹੋਣ ’ਤੇ ਇਸ ਦੀਵਾਨ ਦੇ ਜੱਥੇਦਾਰ ਤੇਜਾ ਸਿੰਘ ਭੁੱਚਰ ਨੂੰ ਅਕਾਲ ਤਖ਼ਤ ਦਾ ਜੱਥੇਦਾਰ ਸਥਾਪਿਤ ਕੀਤਾ ਗਿਆ। ਇਸੇ ਦੀਵਾਨ ਦੇ ਸ. ਅਮਰ ਸਿੰਘ ਝਬਾਲ ਅਤੇ ਜੱਥੇਦਾਰ ਕਰਤਾਰ ਸਿੰਘ ਝੱਬਰ ਨੇ ਨਵੰਬਰ 1920 ਈ. ਵਿਚ ਗੁਰਦੁਆਰਾ ਪੰਜਾ ਸਾਹਿਬ ਅਤੇ ਗੁਰਦੁਆਰਾ ਭਾਈ ਜੋਗਾ ਸਿੰਘ ਆਜ਼ਾਦ ਕਰਾਏ। ਗੁਰਦੁਆਰਾ ਰਕਾਬਗੰਜ ਨਵੀਂ ਦਿੱਲੀ ਦੀ ਦੀਵਾਰ ਦੀ ਪੁਨਰ-ਉਸਾਰੀ ਲਈ ਬਣਾਏ ਜਾ ਰਹੇ ਇਕ ਸੌ ਸਿੰਘਾਂ ਦੇ ਸ਼ਹੀਦੀ ਜੱਥੇ ਵਿਚ ਸ਼ਾਮਲ ਹੋਣ ਲਈ ਇਸ ਦੀਵਾਨ ਨੇ ਕਈ ਸਿੰਘਾਂ ਨੇ ਆਪਣੇ ਨਾਂ ਭੇਜੇ। ਦਸੰਬਰ 1920 ਈ. ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਵੇਲੇ ਇਸ ਦੀਵਾਨ ਦੇ ਮੁੱਖ ਕਾਰਕੁੰਨ ਸ. ਸਰਮੁਖ ਸਿੰਘ ਝਬਾਲ ਨੂੰ ਪਹਿਲਾ ਪ੍ਰਧਾਨ ਬਣਾਇਆ ਗਿਆ। 26 ਜਨਵਰੀ 1921 ਈ. ਨੂੰ ਜੱਥੇਦਾਰ ਭੁਚਰ ਨੇ ਦਰਬਾਰ ਸਾਹਿਬ, ਤਰਨਤਾਰਨ ਨੂੰ ਪੁਜਾਰੀਆਂ ਤੋਂ ਆਜ਼ਾਦ ਕਰਾਉਣ ਲਈ ਅਕਾਲੀ ਦਲ ਦੇ 40 ਸਿੰਘਾਂ ਦੇ ਜੱਥੇ ਨਾਲ ਉਦਮ ਕੀਤਾ। ਪੁਜਾਰੀਆਂ ਵਲੋਂ ਕੀਤੇ ਹਮਲੇ ਵਿਚ 19 ਸਿੰਘ ਜ਼ਖ਼ਮੀ ਹੋਏ ਅਤੇ ਦੋ ਸਿੰਘ ਸ਼ਹੀਦ ਹੋ ਗਏ। ਉਨ੍ਹਾਂ ਸ਼ਹੀਦਾਂ ਵਿਚੋਂ ਇਕ ਸਿੰਘ ਇਸ ਦੀਵਾਨ ਨਾਲ ਸੰਬੰਧਿਤ ਸੀ। ਨਨਕਾਣਾ ਸਾਹਿਬ ਦੇ ਸਾਕੇ ਤੋਂ ਬਾਦ ਜਦੋਂ ਗੁਰੂ-ਧਾਮ ਸਿੱਖਾਂ ਦੇ ਹਵਾਲੇ ਕਰ ਦਿੱਤਾ ਗਿਆ ਤਾਂ ਇਸ ਦੀਵਾਨ ਦੇ ਕਾਰਕੁੰਨਾਂ ਨੇ ਉਸ ਦੀ ਸੇਵਾ ਸੰਭਾਲ ਵਿਚ ਬਹੁਤ ਯੋਗਦਾਨ ਪਾਇਆ।

            ਮਾਰਚ 1921 ਈ. ਵਿਚ ਭਾਵੇਂ ਇਸ ਦੀਵਾਨ ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਸ਼ਾਮਲ ਕਰ ਦਿੱਤਾ ਗਿਆ, ਪਰ ਇਸ ਨੇ ਆਪਣੀ ਵਖਰੀ ਪਛਾਣ ਬਣਾਈ ਰਖੀ। ‘ਗੁਰੂ ਕਾ ਬਾਗ਼’ ਦੇ ਮੋਰਚੇ ਵਿਚ ਇਸ ਦੀਵਾਨ ਨੇ 110 ਕਾਰਕੁੰਨ ਭੇਜ ਕੇ ਆਪਣਾ ਭਰਵਾਂ ਸਹਿਯੋਗ ਦਿੱਤਾ। ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਤੋਂ ਬਾਦ ਖੇਤਰੀ ਜੱਥੇ ਅਤੇ ਸੰਸਥਾਵਾਂ ਹੌਲੀ ਹੌਲੀ ਮਹੱਤਵਹੀਨ ਹੁੰਦੀਆਂ ਗਈਆਂ। ਇਹ ਦੀਵਾਨ ਵੀ ਮੁੱਖ ਧਾਰਾ ਵਿਚ ਸਮਾ ਗਿਆ। ਪਰ ਗੁਰਦੁਆਰਾ ਸੁਧਾਰ ਲਹਿਰ ਵਿਚ ਇਸ ਦੀਵਾਨ ਦਾ ਯੋਗਦਾਨ ਬੜਾ ਮਹੱਤਵ- ਪੂਰਣ ਹੈ।  


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2370, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.